Skip to main content
Author

ਇਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂ
ਡੁੱਬਦਾ ਚੜਦਾ ਸੂਰਜ ਕੋਲੋ ਕੋਲ ਖੜੇ ਸੀ ਵਿਛੜਨ ਲੱਗਿਆਂ

ਸੂਰਜ ਕਿਰਨ ਮਿਲਣ ਲੱਗੀ ਸੀ, ਜਲ ਕਾ ਜਲ ਹੋ ਚੱਲਿਆ ਸਾਂ ਮੈਂ
ਲੈ ਕੇ ਨਾਮ ਬੁਲਾਇਆ ਕਿਸ ਨੇ ਮੈਨੂੰ ਮੁਕਤੀ ਪਾਵਣ ਲੱਗਿਆਂ

ਖੌਫਜ਼ਦਾ ਹੋ ਜਾਂਦੇ ਬੰਦੇ, ਫੇਰ ਵਫਾ ਦੀਆਂ ਕਸਮਾਂ ਦਿੰਦੇ
ਕੁਦਰਤ ਹੋਣਾ ਚਾਹੁੰਦੇ ਹੁੰਦੇ, ਡਰ ਜਾਂਦੇ ਪਰ ਹੋਵਣ ਲੱਗਿਆਂ

ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ
ਡਰ ਕੇ ਪੱਥਰ ਹੋ ਜਾਂਦੇ ਨੇ ਬੰਦੇ ਪਾਣੀ ਹੋਵਣ ਲੱਗਿਆਂ

ਤਨ ਮਨ ਰੂਹ ਦੇ ਵੇਸ ਉਤਾਰੇ, ਰੱਖ ਦਿੱਤੇ ਮੈਂ ਰਾਤ ਕਿਨਾਰੇ
ਕੰਠ ਸੀ ਤੇਰੇ ਨਾਮ ਦੀ ਗਾਨੀ, ਤੇਰੇ ਨੀਰ ‘ਚ ਉਤਰਨ ਲੱਗਿਆਂ

ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ ‘ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਣੀਆਂ ‘ਚੋਂ ਗੁਜ਼ਰਨ ਲੱਗਿਆਂ

ਅੱਗ ਨੂੰ ਆਪਣੀ ਹਿੱਕ ਵਿਚ ਰੱਖੀਂ, ਧੂੰਆਂ ਪਵੇ ਨ ਲੋਕਾਂ ਅੱਖੀਂ
ਮੇਰੀ ਗੱਲ ਨੂੰ ਚੇਤੇ ਰੱਖੀਂ, ਕੋਈ ਨਜ਼ਮ ਕਸ਼ੀਦਣ ਲੱਗਿਆਂ

ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆਂ…….

ਵਿਚੋਂ : ਸੁਰਜ਼ਮੀਨ
ਸੁਰਜੀਤ ਪਾਤਰ

Rate this poem
No votes yet
Reviews
No reviews yet.